ਨਾਵਲ : ਵਸਤਰ : ਕਾਂਡ 14 : ਪੁਰਾਤਨ ਕਥਾ ਨਵੀਨ ਪਾਤਰ

ਮੈਂ ਆਪਣੀ ਲੈਂਡਲੇਡੀ, ਵੀਵਿਆ ਨੂੰ ਪਹਿਲੀ ਦੀ ਪਹਿਲੀ ਕਿਰਾਇਆ ਦੇਈ ਜਾਂਦੀ ਸੀ। ਉਸ ਭਲੀ ਔਰਤ ਦਾ ਐਨਾ ਅਹਿਸਾਨ ਹੀ ਕਾਫ਼ੀ ਸੀ, ਜਿਹੜਾ ਉਸਨੇ ਰਹਿਣ ਲਈ ਸਾਨੂੰ ਰਿਆਇਤ ਵਿੱਚ ਜਗ੍ਹਾ ਦੇ ਦਿੱਤੀ ਸੀ। ਨਹੀਂ ਤਾਂ ਮਕਾਨਾਂ ਦੇ ਕਿਰਾਇਆਂ ਦਾ ਭਾਅ ਆਸਮਾਨ ’ਤੇ ਚੜ੍ਹਿਆ ਪਿਆ ਸੀ। ਪਤਾ ਨਹੀਂ ਸਾਨੂੰ ਕਿੱਥੇ-ਕਿੱਥੇ ਰੁਲਣਾ ਪੈਂਦਾ। ਫੁੱਟਪਾਥਾਂ, ਸਟੇਸ਼ਨਾਂ ਜਾਂ ਪਾਰਕਾਂ ਦੇ ਬੈਂਚਾਂ ’ਤੇ ਸੌਣੋਂ ਬਚ ਗਏ ਸੀ। ਮੈਂ ਤਾਂ ਵੀਵਿਆ ਦੀ ਐਨੀ ਗੱਲੋਂ ਸ਼ੁਕਰ ਗੁਜ਼ਾਰ ਸੀ ਕਿ ਉਸਨੇ ਸਾਨੂੰ ਸਿਰ ਛੁਪਾਉਣ ਨੂੰ ਛੱਤ ਬਖ਼ਸ਼ ਦਿੱਤੀ ਸੀ।
    ਵੀਵਿਆ ਬੜੀ ਰਿਜ਼ਰਬ ਜਿਹੀ ਔਰਤ ਸੀ। ਸਦਾ ਆਪਣੇ ਆਪ ਵਿੱਚ ਗੁਆਚੀ ਜਿਹੀ ਰਹਿਣ ਵਾਲੀ। ਕਿਸੇ ਨਾਲ ਉਹ ਕੋਈ ਬਹੁਤਾ ਮੇਲ-ਜੋਲ ਨਹੀਂ ਸੀ ਵਧਾਉਂਦੀ ਹੁੰਦੀ। ਬਹੁਤ ਘੱਟ ਬਾਹਰ ਨਿਕਲਦੀ ਸੀ। ਆਮ ਤੌਰ ’ਤੇ ਉਹ ਆਪਣੇ ਘਰ ਵਿੱਚ ਹੀ ਰਹਿੰਦੀ ਸੀ। ਹੋਰ ਕੋਈ ਵੀ ਉਹਦੇ ਕੋਲ ਆਉਂਦਾ ਜਾਂ ਜਾਂਦਾ ਨਹੀਂ ਸੀ ਅਤੇ ਨਾ ਹੀ ਮੈਂ ਉਹਨੂੰ ਕਦੇ ਕਿਸੇ ਦੇ ਘਰ ਵੜਦੇ-ਨਿਕਲਦੇ ਦੇਖਿਆ ਸੀ।

ਹੋਰ ਪੜੋ...

ਨਾਵਲ: ਵਸਤਰ : ਕਾਂਡ 13 : ਇਬਤਦਾ


ਫ਼ਰਾਂਸ ਨੂੰ ਅਲਵਿਦਾ ਆਖ ਕੇ, ਅਸੀਂ ਫ਼ੈਰੀ ਵਿੱਚ ਸਵਾਰ ਹੋਏ ਤੇ ਵਾਪਸੀ ਦੇ ਰਾਹ ਪੈ ਗਏ। ਛੁੱਟੀਆਂ ਦਾ ਇਹ ਇੱਕ ਹਫਤਾ ਕਦੋਂ ਅਤੇ ਕਿਵੇਂ ਬੀਤ ਗਿਆ ਸੀ? ਇਸ ਗੁਜ਼ਰਦੇ ਵਕਤ ਦਾ ਉੱਕਾ ਹੀ ਪਤਾ ਨਹੀਂ ਸੀ ਚੱਲਿਆ। ਮੁਹੱਬਤ ਅਤੇ ਕਾਮ ਵਿੱਚ ਖੁੱਭ ਕੇ ਪਿੱਛਲੇ ਦਿਨਾਂ ਵਿੱਚ ਜਿੰਨਾ ਮੈਂ ਖੁਸ਼ ਰਹੀ ਸੀ। ਹੁਣ ਓਨਾ ਹੀ ਦੁੱਖੀ ਅਤੇ ਉਦਾਸ ਹੋਣ ਲੱਗ ਪਈ ਸੀ। ਮੇਰਾ ਫ਼ਰਾਂਸ ਤੋਂ ਆਉਣ ਨੂੰ ਬਿਲਕੁਲ ਦਿਲ ਨਹੀਂ ਸੀ ਕਰਦਾ। ਪਰ ਕੀ ਕਰਦੀ? ਉੱਥੋਂ ਆਉਣਾ ਤਾਂ ਪੈਣਾ ਹੀ ਸੀ।
ਫ਼ੈਰੀ ਆ ਕੇ ਇੰਗਲੈਂਡ ਦੇ ਸਮੁੰਦਰੀ ਤਟ ’ਤੇ ਲੱਗੀ ਤਾਂ ਅੱਗੋਂ ਸਾਡੀ ਕੋਚ ਨਹੀਂ ਸੀ ਪਹੁੰਚੀ। ਕਿਸੇ ਵਜ੍ਹਾ ਕਾਰਨ ਲੇਟ ਹੋ ਗਈ ਸੀ। ਇੰਤਜ਼ਾਰ ਵਿੱਚ ਸਭ ਇੱਧਰ-ਉੱਧਰ ਟਹਿਲਣ ਲੱਗ ਪਏ ਸਨ। ਦੁਬਾਰਾ ਇੰਗਲੈਂਡ ਦੀ ਧਰਤੀ ’ਤੇ ਪੈਰ ਧਰਦਿਆਂ ਹੀ ਬਘਿਆੜਾਂ ਵਰਗੇ ਫਿਕਰ ਮੇਰੀ ਸਹੇ ਜਿਹੀ ਜ਼ਿੰਦ ਉੱਤੇ ਟੁੱਟ ਪਏ ਸਨ। ਮੈਨੂੰ ਅੱਗੇ ਵੱਧਣ ਲਈ ਕੋਈ ਮੰਜ਼ਿਲ ਨਜ਼ਰ ਨਹੀਂ ਸੀ ਆਉਂਦੀ। ਘਰੋਂ ਨਿਕਲਣ ਵੇਲੇ ਮੈਂ ਆਪਣੇ ਪਿੱਛੇ ਦੇ ਸਾਰੇ ਪੁੱਲ ਉਡਾਉਂਦੀ ਗਈ ਸੀ। ਫਿਰ ਹੁਣ ਉਸੇ ਘਰ ਕਿਹੜੇ ਰਸਤੇ ਵਾਪਸ ਜਾਂਦੀ? ਕੋਈ ਰਾਹ ਸਾਬਤਾ ਨਹੀਂ ਸੀ ਬਚਿਆ। ਉਂਝ ਵੀ ਘਰ ਪਰਤ ਜਾਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ। ਮੁੜ ਆਪਣੇ ਪਰਿਵਾਰ ਵਿੱਚ ਪਰਤਣਾ ਮੌਤ ਨੂੰ ਦਾਅਵਤ ਦੇਣ ਸਮਾਨ ਸੀ ਅਤੇ ਨਾ ਹੀ ਹੁਣ ਮੈਨੂੰ ਉੱਥੇ ਸਵਿਕਾਰ ਕੀਤਾ ਜਾਣਾ ਸੀ। ਬਰਮਿੰਘਮ ਮੁੜਣ ਤੋਂ ਵੀ ਮੇਰਾ ਦਿਲ ਬਹੁਤ ਡਰਦਾ ਸੀ। ਉਸ ਇਲਾਕੇ ਵਿੱਚ ਮੈਂ ਕਿਤੇ ਹੋਰ ਵੀ ਨਹੀਂ ਸੀ ਰਹਿ ਸਕਦੀ। ਮੇਰੇ ਅੱਬਾ ਦਾ ਕਿੱਤਾ ਹੀ ਦਿਨ ਰਾਤ ਸੜਕਾਂ ’ਤੇ ਰਹਿਣ ਦਾ ਸੀ। ਮੇਰੇ ਮਨ ਵਿੱਚ ਡਰ ਸੀ ਕਿ ਉਹ ਮੈਨੂੰ ਕਦੇ ਨਾ ਕਦੇ ਜ਼ਰੂਰ ਤੁਰੀ ਫਿਰਦੀ ਦੇਖ ਲੈਣਗੇ। ਉਨ੍ਹਾਂ ਨੇ ਤਾਂ ਦੇਖਣਸਾਰ ਗਲ ਘੁੱਟ ਕੇ ਮੈਨੂੰ ਥਹਿੰ ਹੀ ਮਾਰਨ ਵਿੱਚ ਢਿੱਲ ਵੀ ਨਹੀਂ ਸੀ ਕਰਨੀ। ਇਸ ਵਜ੍ਹਾ ਕਰਕੇ ਮੈਂ ਆਪਣੇ ਜੱਦੀ ਸ਼ਹਿਰ ਬਰਮਿੰਘਮ ਪਰਤਣਾ ਨਹੀਂ ਸੀ ਚਾਹੁੰਦੀ। 


ਹੋਰ ਪੜੋ...

ਵਸਤਰ : ਕਾਂਡ 12 : ਟੂਰ ਡੀ ਫ਼ਰਾਂਸ

ਇੱਕ ਦਿਨ ਮੈਕਸ ਮੈਨੂੰ ਸੁੱਤੀ ਪਈ ਨੂੰ ਛੱਡ ਕੇ ਬਿਨਾਂ ਕੁੱਝ ਪੁੱਛੇ ਦੱਸੇ ਕਿੱਧਰੇ ਚਲਾ ਗਿਆ ਸੀ। ਉਸਦੀ ਗੈਰਹਾਜ਼ਰੀ ਦੇ ਮਸਲੇ ਨੂੰ ਲੈ ਕੇ ਮੈਂ ਜਾਗਣ ਬਾਅਦ ਕਾਫ਼ੀ ਚਿਰ ਤੱਕ ਪਰੇਸ਼ਾਨ ਰਹੀ ਸੀ। ਫਿਰ ਮੈਂ ਆਪਣਾ ਧਿਆਨ ਹੋਰ ਪਾਸੇ ਉਲਝਾਉਣ ਲਈ ਖ਼ਿਆਲਾਂ ਦੀ ਦੁਨੀਆਂ ਵਿੱਚ ਗੁੰਮ ਹੋ ਗਈ ਸੀ। ਮੈਂ ਫ਼ਰਾਂਸ ਅਤੇ ਉੱਥੋਂ ਦੇ ਇਤਿਹਾਸ ਬਾਰੇ ਸੋਚਣ ਲੱਗ ਪਈ। ਉਸ ਦੇਸ਼ ਨੇ ਵੀ ਮੇਰੀ ਜ਼ਿੰਦਗੀ ਵਾਂਗ ਅਨੇਕਾਂ ਉਤਰਾ-ਚੜ੍ਹਾ ਦੇਖੇ ਸਨ। ਕਈ ਵਾਰ ਉਹ ਡਿੱਗਿਆ ਹੈ ਤੇ ਕਈ ਵਾਰ ਉੱਠਿਆ ਸੀ।
 1500 ਈਸਵੀ ਪੂਰਬ ਵਿੱਚ ਫ਼ਰਾਂਸ ਦੇ ਮੂਲਵਾਸੀਆਂ ਵਿੱਚ ਕੈਲਟਸ (ਸਕਾਟਲੈਂਡ, ਆਇਰਲੈਂਡ ਅਤੇ ਵੇਲਜ਼ ਦੇ ਲੋਕ) ਦਾ ਮਿਸ਼ਰਨ ਹੋਣਾ ਸ਼ੁਰੂ ਹੋ ਗਿਆ ਤੇ 50 ਸਾਲਾਂ ਵਿੱਚ ਉਨ੍ਹਾਂ ਨੇ ਫ਼ਰਾਂਸ ਵਿੱਚ ਆਪਣੀ ਅੱਛੀ ਖਾਸੀ ਧਾਕ ਜਮਾ ਲਈ ਸੀ। ਫਿਰ ਰੋਮਨ ਸੈਨਾ ਨੇ ਜੂਲੀਅਸ ਸੀਜ਼ਰ ਦੀ ਕਮਾਨ ਹੇਠ ਉਨ੍ਹਾਂ ਉੱਤੇ ਹੱਲਾ ਬੋਲ ਦਿੱਤਾ ਸੀ। ਪੰਜਵੀਂ ਸ਼ਤਾਬਦੀ ਵਿੱਚ ਜਰਮਨ ਸ਼ਾਸਕਾਂ ਵੱਲੋਂ ਰੋਮਨਾਂ ਦਾ ਰਾਜ ਖਤਮ ਕਰ ਦਿੱਤਾ ਗਿਆ। ਉਸ ਸਮੇਂ ਫ਼ਰਾਂਸ ਨੂੰ ਫਰੈਂਕਿਸ਼ਰਐਲਮ ਨਾਮ ਨਾਲ ਪੁਕਾਰਿਆ ਜਾਂਦਾ ਸੀ। 486 ਏ. ਡੀ. ਵਿੱਚ ਫ਼ਰਾਂਸ ਇਸਾਈ ਮਹਾਰਾਜਾ ਕਲੋਵਿਸ ਦੇ ਕਬਜ਼ੇ ਵਿੱਚ ਆ ਗਿਆ। 800 ਈਸਾ ਪਸ਼ਚਾਤ ਚਾਰਲਸ ਨੇ ਫ਼ਰਾਂਸ ਦੀ ਰਾਜ ਗੱਦੀ ਉੱਤੇ ਬੈਠ ਕੇ ਮੁਲਖ ਨੂੰ ਹਰ ਪੱਖੋਂ ਮਜ਼ਬੂਤ ਕੀਤਾ। ਉਸਦੀ ਮੌਤ ਉਪਰੰਤ ਰਾਜ ਖੇਰੂੰ-ਖੇਰੂੰ ਹੋ ਗਿਆ। 843 ਈਸਵੀ ਵਿੱਚ ਚਾਰਲਸ ਔਫ ਬੋਲਡ ਨੇ ਫ਼ਰਾਂਸ ਦੀ ਵਾਗ-ਡੋਰ ਸੰਭਾਲੀ, ਪਰ ਫ਼ਰਾਂਸ ਕਈ ਟੁੱਕੜਿਆਂ ਵਿੱਚ ਵੰਡਿਆ ਗਿਆ ਤੇ ਇਸਦੇ ਕੁੱਝ ਭਾਗ ਅੱਡੋਪਾਟੀ ਹੋ ਗਏ ਸਨ। ਦਸਵੀਂ ਸਦੀ ਵਿੱਚ ਨੋਰਸਮੈਨ ਅਤੇ ਉਸ ਤੋਂ ਉਪਰੰਤ ਹੱਗ ਕੈਪਟ ਦਾ ਫ਼ਰਾਂਸ ਵਿੱਚ ਸ਼ਾਸਨ ਰਿਹਾ , ਲੇਕਿਨ ਉਹ ਪੂਰੇ ਮੁਲਖ ਦੀ ਬਜਾਏ ਕੁੱਝ ਹਿੱਸਿਆ ਤੱਕ ਹੀ ਮਹਿਦੂਦ ਰਿਹਾ।1066 ਵਿਲੀਅਮ, ਡਿਊਕ ਔਫ ਨੌਰਮੈਂਡੀ ਨੇ ਫ਼ਰਾਂਸ ਨੂੰ ਮੱਲ ਕੇ ਚੰਮ ਦੀਆਂ ਚਲਾਈਆਂ। ਸੱਤਵੀਂ ਅਤੇ ਅੱਠਵੀਂ ਸਦੀ ਵਿੱਚ ਲੁਇਸ ਚੌਦਵੇਂ(1643-1715) ਨੇ ਕਲਾ  ਅਤੇ ਸਾਹਿਤ ਨੂੰ ਵੜਾਵਾ ਦੇ ਕੇ ਫ਼ਰਾਂਸ ਦਾ ਨਾਮ ਦੁਨੀਆਂ ਵਿੱਚ ਚਮਕਾਇਆ। 1792 ਵਿੱਚ ਲੋਕ ਰਾਜ ਦੀ  ਨੀਂਹ ਰੱਖੀ  ਗਈ ਸੀ, ਪਰ 1799 ਵਿੱਚ ਨਪੋਲੀਅਨ ਨੇ ਫ਼ਰਾਂਸ ਦਾ ਰਾਜ ਹੱਥਿਆ ਕੇ 1804 ਵਿੱਚ ਸ਼ਹਿਨਸ਼ਾਹੀ ਰਾਜ ਸਥਾਪਤ ਕਰ ਦਿੱਤਾ। ਜੋ ਕਿ ਉਸ ਤੋਂ ਪਿਛੋਂ ਲੁਇਸ ਨਪੋਲੀਅਨ ਨੇ ਸਾਂਭਿਆ ਤੇ ਉਸਤੋਂ  ਮਗਰੋਂ ਫਿਰ ਲੋਕ  ਸਰਕਾਰ ਸੱਤਾ ਵਿੱਚ ਆ ਗਈ। ਇੰਝ ਜਿਵੇਂ-ਜਿਵੇਂ ਫ਼ਰਾਂਸ ਦੇ ਹੁਕਮਰਾਨ ਬਦਲਦੇ ਗਏ ਤਿਵੇਂ-ਤਿਵੇਂ ਉਹ ਫ਼ਰਾਂਸ ਨੂੰ ਵੀ ਪ੍ਰਭਾਵਿਤ ਅਤੇ ਤਬਦੀਲ ਕਰਦੇ ਗਏ। 

ਹੋਰ ਪੜੋ...

ਵਸਤਰ : ਕਾਂਡ 11 : ਭੁੱਲ ਗੀ ਯਾਰ ਪੁਰਾਣਾ

ਜਿਵੇਂ ਸਾਉਣ ਦੀ ਲੱਗੀ ਹੋਈ ਝੜੀ ਵਿੱਚ ਹੁੰਦਾ ਹੈ। ਕਦੇ ਬਿਨਾਂ ਹਟਿਆਂ ਛਰਾਟੇਦਾਰ ਮੀਂਹ ਰਫ਼ਤਾਰ ਘਟਾ ਕੇ ਬੂੰਦਾ-ਬਾਂਦੀ ’ਤੇ ਆ ਜਾਂਦਾ ਹੈ ਤੇ ਕਦੇ ਬੂੰਦਾ-ਬਾਂਦੀ ਤੋਂ ਭੂਰ ਤੱਕ ਅਤੇ ਕਦੇ ਫਿਰ ਜ਼ੋਰ ਫੜ ਕੇ ਮੋਹਲੇਧਾਰ ਵਰਨ ਲੱਗ ਜਾਂਦਾ ਹੈ। ਉਵੇਂ ਹੀ ਮੈਂ ਰੋਈ ਜਾ ਰਹੀ ਸੀ। ਰੋਕਣ ਦੇ ਯਤਨ ਕਰਿਆਂ ਵੀ ਮੈਥੋਂ ਆਪਣੇ ਵਹਿੰਦੇ ਹੋਏ ਹੰਝੂ ਰੋਕ ਨਹੀਂ ਸੀ ਹੁੰਦੇ। ਮੇਰੇ ਟੈਂਟ ਵਿੱਚ ਮੇਰੇ ਕੋਲ ਬੈਠੀਆਂ ਮੇਰੀਆਂ ਸਹੇਲੀਆਂ ਐਂਜਲਾ ਅਤੇ ਇਜ਼ਬਲ ਮੈਨੂੰ ਜਿੰਨਾ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦੀਆਂ ਸਨ, ਉਨ੍ਹਾਂ ਮੈਂ ਹੋਰ ਉੱਚੀ-ਉੱਚੀ ਰੋਣ ਲੱਗ ਜਾਂਦੀ ਸੀ। ਉਹ ਮੇਰੀ ਸਮੱਸਿਆ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਦੇਖ ਰਹੀਆਂ ਸਨ ਤੇ ਮੈਂ ਆਪਣੇ ਤੋਂ। ਉਨ੍ਹਾਂ ਨਾਲੋਂ ਮੇਰੇ ਵਿਚਾਰ ਮੁਖਤਲਿਫ਼ ਸਨ। ਉਹ ਤਾਂ ਕੱਪੜਿਆਂ ਵਾਂਗ ਯਾਰ ਬਦਲਦੀਆਂ ਸਨ। ਕਿਸੇ ਮੁੰਡੇ ਨਾਲ ਸੌਂ ਲੈਣਾ, ਉਨ੍ਹਾਂ ਵਾਸਤੇ ਮਾਮੂਲੀ ਅਤੇ ਸਧਾਰਨ ਜਿਹੀ ਗੱਲ ਸੀ। ਲੇਕਿਨ ਮੇਰੇ ਵਾਸਤੇ ਇਹ ਬਹੁਤ ਵੱਡੀ ਗੱਲ ਸੀ। ਜਿਸ ਕੰਮ ਲਈ ਮੈਂ ਇਕਬਾਲ ਨੂੰ ਵੀ ਵਰਜ ਦਿੱਤਾ ਸੀ, ਉਹੀ ਕੰਮ ਮੈਂ ਮੈਕਸ ਨਾਲ ਬਿਨਾਂ ਕਿਸੇ ਉਜ਼ਰ ਦੇ ਕਰ ਗਈ ਸੀ। ਮੈਨੂੰ ਖੁਦ ਯਕੀਨ ਨਹੀਂ ਸੀ ਆਉਂਦਾ ਕਿ ਇਹ ਸਭ ਕਿਵੇਂ ਹੋ ਗਿਆ ਸੀ। ਇਕਬਾਲ ਨਾਲ ਸਰੀਰਕ ਸੰਬੰਧ ਬਣੇ ਹੁੰਦੇ ਤਾਂ ਹੋਰ ਗੱਲ ਸੀ। ਉਹ ਮੇਰੇ ਬਚਪਨ ਦਾ ਸਾਥੀ ਸੀ। ਉਹ ਮੇਰੇ ਖ਼ੁਆਬਾਂ ਅਤੇ ਖ਼ਿਆਲਾਂ ਵਿੱਚ ਵਸਿਆ ਹੋਇਆ ਸੀ। ਮੈਂ ਉਸਨੂੰ ਪਸੰਦ ਕਰਦੀ ਸੀ। ਮੈਂ ਉਸਨੂੰ ਚਾਹੁੰਦੀ, ਪਿਆਰ ਕਰਦੀ ਸੀ। ਉਸ ਉੱਤੇ ਮਰਦੀ ਸੀ। ਪਰ ਮੈਕਸ ਨੂੰ ਤਾਂ ਮੈਂ ਚੱਜ ਨਾਲ ਜਾਣਦੀ ਤੱਕ ਨਹੀਂ ਸੀ। ਜ਼ਿੰਦਗੀ ਵਿੱਚ ਪਹਿਲਾਂ ਕਦੇ ਮਿਲੀ ਵੀ ਨਹੀਂ ਸੀ ਤੇ ਨਾ ਅਗਾਂਹ ਕਿਸੇ ਮੁਲਾਕਾਤ ਹੋਣ ਦਾ ਪੱਕਾ ਭਰੋਸਾ ਸੀ। ਇਉਂ ਇੱਕ ਅੱਧੇ ਘੰਟੇ ਦੀ ਮਿਲਣੀ ਬਾਅਦ ਪਰਾਏ ਮਰਦ ਨੂੰ ਆਪਣਾ ਸਭ ਕੁੱਝ ਗੋਰੀਆਂ-ਕਾਲੀਆਂ ਤਾਂ ਸੌਂਪ ਦਿੰਦੀਆਂ ਹਨ ਪਰ ਏਸ਼ੀਅਨ ਕੁੜੀਆਂ ਤੇ ਖਾਸ ਕਰ ਮੇਰੇ ਵਰਗੀਆਂ ਸ਼ਰੀਫ ਅਤੇ ਇੱਜ਼ਤਦਾਰ ਘਰਾਣਿਆਂ ਦੀਆਂ ਤਾਂ ਹਰਗਿਜ਼ ਇਹੋ ਜਿਹੇ ਘਟੀਆ ਵੰਨ ਨਾਈਟ ਸਟੈਂਡ ਵਾਲੇ ਕੰਮ ਨਹੀਂ ਕਰਦੀਆਂ। 

ਹੋਰ ਪੜੋ...

ਵਸਤਰ : ਕਾਂਡ 10: ਸੱਥਰੀ ਸੇਜ, ਕੁਆਰੀ ਕਾਇਆ


ਸਾਥੀਆਂ ਦੇ ਸ਼ੋਰ-ਸ਼ਰਾਬੇ ਨਾਲ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਤੱਕਿਆ ਦਿਨ ਢਲ ਰਿਹਾ  ਸੀ। ਦੂਰ ਦੋ ਪਹਾੜਾਂ ਦੇ ਦਰਮਿਆਨ ਛਿਪਣ ਲਈ ਖੜ੍ਹਾ ਸੂਰਜ ਮੈਨੂੰ ਪਈ ਹੋਈ ਨੂੰ ਹੀ ਦਿਖਾਈ ਦੇ ਰਿਹਾ ਸੀ। ਗੋਇਆ ਮੈਨੂੰ ਗੁੱਡ-ਬਾਏ  ਕਹਿਣ ਲਈ ਹੀ ਰੁਕਿਆ ਹੋਇਆ ਸੀ। ਵਰਨਾ ਉਹਨੇ ਕਦੋਂ ਦਾ ਅਸਤ ਹੋ ਜਾਣਾ ਸੀ। ਹਾਲਾਂਕਿ ਮੇਰੀ ਮਸਾਂ ਦੋ ਢਾਈ ਘੰਟੇ  ਅੱਖ ਲੱਗੀ ਸੀ। ਲੇਕਿਨ ਫਿਰ ਵੀ ਇਉਂ ਪ੍ਰਤੀਤ ਹੁੰਦਾ ਸੀ ਜਾਣੀ ਮੈਂ ਕਈ ਦਿਨ ਸੁੱਤੀ ਰਹਿਣ ਬਾਅਦ ਉੱਠੀ ਹੁੰਦੀ ਹਾਂ। ਰੱਜੀ ਪਈ ਸੀ ਮੈਂ ਨੀਂਦ ਨਾਲ। ਨਿੰਮ੍ਹਾ-ਨਿੰਮ੍ਹਾ ਸਿਰ ਤਾਂ ਦਰਦ ਕਰ ਰਿਹਾ ਸੀ। ਪਰ ਸੀ ਮੈਂ ਪੂਰੀ ਹੋਸ਼ ਵਿੱਚ। ਦਾਰੂ ਦਾ ਨਸ਼ਾ ਉਤਰ ਚੁੱਕਿਆ ਸੀ। 
ਉੱਠ ਕੇ ਉਬਾਸੀਆਂ ਲੈਂਦੀ ਹੋਈ ਮੈਂ ਟੈਂਟ ਤੋਂ  ਬਾਹਰ ਆਈ ਤੇ ਮਿੱਟੀ ਦੀ ਢੇਰੀ ’ਤੇ ਖੜ੍ਹ ਕੇ ਜਿਉਂ ਹੀ ਮੈਂ ਇੱਕ ਅੰਗੜਾਈ ਲਿੱਤੀ ਤਾਂ  ਮੈਨੂੰ ਮਹਿਸੂਸ ਹੋਇਆ ਜਿਵੇਂ ਮੈਂ ਪਹਿਲਾਂ ਨਾਲੋਂ ਵੀ ਸੁੰਦਰ ਹੋ ਗਈ ਹੋਵਾਂ। ਹਿੱਕ ਵਧੇਰੇ ਉਭਰ ਆਈ ਸੀ। ਚਮੜੀ ਅਧਿਕ ਮੁਲਾਇਮ ਅਤੇ ਚਮਕੀਲੀ ਹੋ ਗਈ ਸੀ। ਸਾਰਾ ਰੰਗ ਰੂਪ ਨਿੱਖਰ ਆਇਆ ਜਾਪਿਆ ਸੀ। ਮੈਂ ਸਿਰ ਤੋਂ ਪੈਰਾਂ ਤੱਕ ਕਾਮ ਨਾਲ ਭਰੀ ਪਈ ਸੀ। ਸੈਕਸ ਮੇਰੇ ਅੰਦਰ ਛਲਕਦਾ ਪ੍ਰਤੱਖ ਨਜ਼ਰ ਆਉਂਦਾ ਸੀ। ਯੋਵਨ ਮੇਰੇ ਕੱਪੜਿਆਂ ਵਿੱਚੋਂ ਡੁੱਲ੍ਹ-ਡੁੱਲ੍ਹ ਪੈ ਰਿਹਾ ਸੀ। 

ਹੋਰ ਪੜੋ...

ਵਸਤਰ : ਕਾਂਡ 9 : ਲੰਮੀ ਉਡਾਰੀ


ਇਸਟਰ ਦੀਆਂ ਛੁੱਟੀਆਂ ਨੇੜੇ ਆ ਰਹੀਆਂ ਸਨ। ਪਾਠਕ੍ਰਮ ਦੀ ਸਾਰੀ ਪੜ੍ਹਾਈ ਨਿਬੜ ਚੁੱਕੀ ਸੀ। ਛੁੱਟੀਆਂ ਤੋਂ ਪੇਸ਼ਤਰ ਸਟੱਡੀ ਲੀਵ  ਹੋ ਜਾਣੀ ਸੀ। ਜਿਸਦਾ ਮਤਲਬ ਸਕੂਲ ਨਹੀਂ ਸੀ ਜਾਣਾ, ਬਸ ਘਰੇ ਰਹਿ ਕੇ ਪੜ੍ਹਨਾ ਸੀ ਤੇ ਸਿਰਫ਼ ਜੂਨ ਦੇ ਮਹੀਨੇ ਵਿੱਚ ਇਮਤਿਹਾਨ ਦੇਣ ਹੀ ਸਕੂਲ ਜਾਣਾ ਸੀ। ਹਾਈ ਸਕੂਲ ਵਿਚਲਾ ਪੰਜਵਾਂ ਅਤੇ  ਅੰਤਮ ਵਰ੍ਹਾ ਹੋਣ ਕਰਕੇ ਇਹ ਸਾਲ ਬਹੁਤ ਮਹੱਤਵਪੂਰਣ ਸੀ। ਸ਼ੀਘਰ ਹੀ ਰਵੀਜ਼ਨ ਸੈਸ਼ਨ  ਸ਼ੁਰੂ ਹੋ ਜਾਣਾ ਸੀ। ਸਾਡੇ ਅਧਿਆਪਕਾਂ ਨੇ ਸਲਾਹ ਬਣਾਈ ਸੀ ਕਿ ਦੂਰ-ਦੂਰਾਡੇ ਜਾ ਕੇ ਦੋ-ਚੌਂਹ ਦਿਨਾਂ ਦੀ ਬਰੇਕ ਕਰ ਲੈਣ ਨਾਲ ਸਾਡਾ ਸਾਰਿਆਂ ਬੱਚਿਆਂ ਦਾ ਦਿਮਾਗ ਤਰੋ-ਤਾਜ਼ਾ ਅਤੇ ਖਾਲੀ ਹੋ ਜਾਵੇਗਾ ਤੇ ਇਸ ਤੋਂ ਬਾਅਦ ਡਟ ਕੇ ਇਮਤਿਹਾਨਾਂ ਦੀ ਤਿਆਰੀ ਕਰਨੀ ਕਾਫ਼ੀ ਲਾਭਦਾਇਕ ਰਹੇਗੀ। ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਸਕੂਲ ਵੱਲੋਂ ਮੇਰੀ ਜਮਾਤ ਦੇ ਮੁੰਡੇ ਕੁੜੀਆਂ ਨੂੰ ਇੱਕ ਹਫਤੇ ਲਈ ਫ਼ਰਾਂਸ ਲਿਜਾਣ ਦਾ ਚੌਖੇ ਚਿਰ ਪਹਿਲਾਂ ਦਾ ਮਨਸੂਬਾ ਬਣਾਇਆ ਹੋਇਆ ਸੀ। ਟਰਿੱਪ ’ਤੇ ਜਾਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ। ਇੱਕੜ-ਦੁੱਕੜ ਵਿਦਿਆਰਥੀ, ਜਿਨ੍ਹਾਂ ਦੇ ਮਾਪੇ ਖਰਚ ਬਰਦਾਸ਼ਤ ਨਹੀਂ ਕਰ ਸਕਦੇ ਸਨ, ਉਹਨਾਂ ਤੋਂ ਛੁੱਟ ਬਾਕੀ ਸਭ ਜਾ ਰਹੇ ਸਨ। ਮੈਂ ਵੀ ਆਪਣਾ ਨਾਮ ਨਹੀਂ ਲਿਖਵਾਇਆ ਸੀ, ਕਿਉਂਕਿ ਮੈਂ ਜਾਣਦੀ ਸੀ ਕਿ ਕੁੜੀ ਹੋਣ ਕਰਕੇ ਮੇਰੇ ਰੂੜ੍ਹੀਵਾਦੀ ਵਿਚਾਰਾਂ ਦੇ ਮਾਪੇ ਮੈਨੂੰ ਮੁੰਡਿਆਂ ਦੇ ਨਾਲ ਪਰਾਏ ਮੁਲਖ ਵਿੱਚ ਜਾਣ ਨਹੀਂ ਦੇਣਗੇ। ਉਂਝ ਮੈਨੂੰ ਘੁੰਮਣ ਫਿਰਨ ਦਾ ਕੋਈ ਬਹੁਤਾ ਸ਼ੌਂਕ ਵੀ ਨਹੀਂ ਸੀ।


ਹੋਰ ਪੜੋ...

ਵਸਤਰ : ਕਾਂਡ 8 : ਪ੍ਰੇਮ ਪੱਤਰ


ਮਾਯੂਸ ਹੋ ਕੇ ਮੈਨੂੰ ਆਪਣੀ ਜ਼ਿੰਦਗੀ ਨਾਲ ਇਸ ਕਦਰ ਨਫ਼ਰਤ ਹੋ ਗਈ ਸੀ ਕਿ ਮੇਰਾ ਜੀਅ ਕਰਦਾ ਸੀ ਮੈਂ ਮਰ ਜਾਵਾਂ। ਯਕੀਨ ਕਰੋਂ ਤਾਂ ਮੈਂ ਅਜਿਹਾ ਕਰਨ ਦਾ ਉਪਰਾਲਾ ਵੀ ਕੀਤਾ ਸੀ। ਅੰਮੀ ਕਦੇ ਕਦਾਈਂ ਡਿਪਰੈੱਸ਼ਨ ਅਤੇ ਨੀਂਦ ਦੀਆਂ ਜਿਹੜੀਆਂ ਗੋਲੀਆਂ ਖਾਂਦੀ ਹੁੰਦੀ ਸੀ, ਮੈਂ ਉਨ੍ਹਾਂ ਦੀ ਸ਼ੀਸ਼ੀ ਚੁੱਕ ਕੇ ਸਾਰੀ ਦੀ ਸਾਰੀ ਛਕਣ ਲੱਗੀ ਸੀ। ਗੋਲੀਆਂ ਖਾਹ ਕੇ ਆਤਮਹੱਤਿਆ ਕਰਨ ਤੋਂ ਪਹਿਲਾਂ ਮੇਰੇ ਮਨ ਵਿੱਚ ਆਇਆ ਕਿ ਕਿਉਂ ਨਾ ਮੈਂ ਮਰਨ ਤੋਂ ਪਹਿਲਾਂ ਆਪਣੀ ਵਸੀਅਤ ਕਰ ਜਾਵਾਂ। ਐਸਾ ਕਰਨ ਲਈ ਮੈਂ ਕਿਤਾਬਾਂ ਵਾਲੀ ਦੁਕਾਨ ਡੱਬਲਯੂ ਐੱਚ ਸਮਿੱਥ ਤੋਂ ਬੜੀ ਦੇਰ ਪਹਿਲਾਂ ਦਾ ਅੱਬਾ ਵਾਸਤੇ ਲਿਆਂਦਾ ਹੋਇਆ ਅਣਵਰਤਿਆ ਸਰਕਾਰ ਵੱਲੋਂ ਪ੍ਰਮਾਣਿਤ ਵਸੀਅਤਨਾਮਾ ਚੁੱਕਿਆ ਤੇ ਲਿਖ ਮਾਰਿਆ, 

ਵਸੀਅਤਨਾਮਾ

ਮੇਰੇ ਤਨ, ਮਨ ਅਤੇ ਧਨ, ਯਾਨੀ ਕਿ ਹਰ ਚੀਜ਼ ਦਾ ਮਾਲਕ ਅਤੇ ਹੱਕਦਾਰ ਸਿਰਫ਼ ਮੇਰਾ ਮਹਿਬੂਬ  ਇਕਬਾਲ ਸਿੰਘ ਹੈ।
ਮੈਂ ਸ਼ਾਜ਼ੀਆ ਖਾਨ ਆਪਣੇ ਪੂਰੇ ਹੋਸ਼-ਓ-ਹਵਾਸ ਵਿੱਚ ਬਿਨਾਂ ਕਿਸੇ ਕਿਸਮ ਦੇ ਦਬਾਅ ਜਾਂ ਮਜਬੂਰੀ ਦੇ ਇਹ ਤਸਦੀਕ ਕਰਦੀ ਹਾਂ ਕਿ ਉੱਪਰ ਦਿੱਤਾ ਗਿਆ ਵੇਰਵਾ ਮੇਰੀ ਜਾਣਕਾਰੀ ਮੁਤਾਬਕ ਬਿਲਕੁਲ ਸੱਚਾ ਅਤੇ ਸਹੀ ਹੈ।
ਦਸਤਖ਼ਤ

ਸ਼ਾਜ਼ੀਆ ਖਾਨ

ਹੋਰ ਪੜੋ...